ਇਸ ਸ਼ਬਦ ਵਿਚ ਸਾਧਕਾਂ ਨੂੰ ਸੰਬੋਧਤ ਹੁੰਦਿਆਂ ਉਪਦੇਸ਼ ਦਿੱਤਾ ਗਿਆ ਹੈ ਕਿ ਇਹ ਸੰਸਾਰ ਪ੍ਰਭੂ ਦੀ ਰਚੀ ਅਸਚਰਜ ਖੇਡ ਹੈ। ਇਸ ਵਿਚ ਨਿਤ ਕਈ ਜੀਵ ਮਰਦੇ ਹਨ, ਤੇ ਕਈ ਉਨ੍ਹਾਂ ਨੂੰ ਮਰਦਿਆਂ ਵੇਖ ਕੇ ਵੀ ਆਪਣੇ-ਆਪ ਨੂੰ ਸਥਿਰ ਅਤੇ ਸਦੀਵੀ ਸਮਝੀ ਬੈਠੇ ਹਨ। ਇਸੇ ਹੀ ਭਰਮ ਵਿਚ ਉਹ ਸਦਾ-ਥਿਰ ਪ੍ਰਭੂ ਨੂੰ ਭੁਲਾ ਛਡਦੇ ਹਨ। ਪਰ ਜਿਸ ਮਨੁਖ ਨੇ ਇਸ ਸੰਸਾਰ ਨੂੰ ਨਾਸ਼ਵਾਨ ਜਾਣ ਲਿਆ, ਉਹ ਸਦਾ ਪ੍ਰਭੂ ਨੂੰ ਚੇਤੇ ਰਖਦਾ ਹੈ।
ਗਉੜੀ ਮਹਲਾ ੯ ॥
ਸਾਧੋ ਰਚਨਾ ਰਾਮ ਬਨਾਈ ॥
ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥
ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥
-ਗੁਰੂ ਗ੍ਰੰਥ ਸਾਹਿਬ ੨੧੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਸ਼ਾਂਤ-ਚਿੱਤ ਅਵਸਥਾ ਵਾਲੇ ਭਲੇ ਪੁਰਖਾਂ ਨੂੰ ਮੁਖਾਤਬ ਹੋ ਕੇ ਦੱਸਦੇ ਹਨ ਕਿ ਇਸ ਕੁਦਰਤ ਦੀ ਰਚਨਾ ਪ੍ਰਭੂ ਦੀ ਬਣਾਈ ਹੋਈ ਹੈ। ਕਿੰਨੇ ਹੀ ਲੋਕ, ਨਿਤ ਦਿਨ ਸਭ ਦੇ ਸਾਹਮਣੇ, ਖਤਮ ਹੋਈ ਜਾ ਰਹੇ ਹਨ ਤੇ ਕਈਆਂ ਨੂੰ ਫਿਰ ਵੀ ਲੱਗਦਾ ਹੈ ਕਿ ਉਹ ਸਦਾ ਕਾਇਮ ਰਹਿਣਗੇ, ਇਹ ਅਸਚਰਜ ਖੇਡ ਸਮਝ ਤੋਂ ਪਰੇ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪਾਤਸ਼ਾਹ ਦੱਸਦੇ ਹਨ ਕਿ ਮਨੁਖ ਕਾਮ-ਵਾਸ਼ਨਾ ਤੇ ਰਿਸ਼ਤਿਆਂ ਦੇ ਮੋਹ ਵਿਚ ਉਲਝ ਕੇ ਪ੍ਰਭੂ ਨੂੰ ਭੁੱਲ ਗਿਆ ਹੈ। ਮਨੁਖ ਨੇ ਆਪਣੇ ਨਾਸ਼ਵਾਨ ਸਰੀਰ ਇਸ ਤਰ੍ਹਾਂ ਸੱਚ ਮੰਨ ਲਿਆ ਹੈ, ਜਿਵੇਂ ਰਾਤ ਸੁੱਤੇ ਪਏ ਨੂੰ ਸੁਪਨਾ ਸੱਚ ਲੱਗਦਾ ਹੈ।
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਅਸਲੀਅਤ ਇਹ ਹੈ ਕਿ ਜੋ ਵੀ ਸਾਨੂੰ ਨਜ਼ਰ ਆਉਂਦਾ ਹੈ, ਉਹ ਸਾਰਾ ਕੁਝ ਇਸ ਤਰ੍ਹਾਂ ਖਤਮ ਹੋ ਜਾਣਾ ਹੈ, ਜਿਸ ਤਰ੍ਹਾਂ ਘੋਰ ਗਰਮੀ ਵਿਚ ਬੱਦਲ ਦਾ ਪਰਛਾਵਾਂ ਹੁੰਦਾ ਹੈ, ਜੋ ਨਾ ਕਦੇ ਕਿਤੇ ਟਿਕਦਾ ਹੈ ਤੇ ਨਾ ਕਿਸੇ ਨੂੰ ਠੰਢੀ ਛਾਂ ਕਰਦਾ ਹੈ। ਇਸ ਕਰਕੇ ਪਾਤਸ਼ਾਹ ਦੱਸਦੇ ਹਨ ਕਿ ਸਾਨੂੰ ਇਸ ਸੰਸਾਰ ਨੂੰ ਸਿਰਫ ਇਕ ਮਨੌਤ ਮੰਨ ਕੇ ਸਦਾ ਥਿਰ ਪ੍ਰਭੂ ਦੀ ਸ਼ਰਣ ਵਿਚ ਰਹਿਣਾ ਚਾਹੀਦਾ ਹੈ।