Guru Granth Sahib Logo
  
ਇਸ ਸ਼ਬਦ ਵਿਚ ਉਪਦੇਸ਼ ਹੈ ਕਿ ਸਾਰਾ ਜੀਵਨ ਵਿਸ਼ੇ ਵਿਕਾਰਾਂ ਵਿਚ ਗਵਾ ਦੇਣ ਤੋਂ ਬਾਅਦ, ਪਛਤਾਵੇ ਤੋਂ ਬਿਨਾਂ ਹੋਰ ਕੁਝ ਨਹੀਂ ਬਚਦਾ। ਇਸ ਲਈ ਸਮਾਂ ਰਹਿੰਦੇ ਹੀ, ਪ੍ਰਭੂ ਨੂੰ ਚੇਤੇ ਕਰਨਾ ਚਾਹੀਦਾ ਹੈ।
ਮਾਰੂ   ਮਹਲਾ

ਅਬ ਮੈ ਕਹਾ ਕਰਉ ਰੀ ਮਾਈ
ਸਗਲ ਜਨਮੁ ਬਿਖਿਅਨ ਸਿਉ ਖੋਇਆ   ਸਿਮਰਿਓ ਨਾਹਿ ਕਨੑਾਈ ॥੧॥ ਰਹਾਉ
ਕਾਲ ਫਾਸ ਜਬ ਗਰ ਮਹਿ ਮੇਲੀ   ਤਿਹ ਸੁਧਿ ਸਭ ਬਿਸਰਾਈ  
ਰਾਮ ਨਾਮ ਬਿਨੁ ਯਾ ਸੰਕਟ ਮਹਿ   ਕੋ ਅਬ ਹੋਤ ਸਹਾਈ ॥੧॥
ਜੋ ਸੰਪਤਿ ਅਪਨੀ ਕਰਿ ਮਾਨੀ   ਛਿਨ ਮਹਿ ਭਈ ਪਰਾਈ  
ਕਹੁ ਨਾਨਕ  ਯਹ ਸੋਚ ਰਹੀ ਮਨਿ   ਹਰਿ ਜਸੁ ਕਬਹੂ ਗਾਈ ॥੨॥੨॥
-ਗੁਰੂ ਗ੍ਰੰਥ ਸਾਹਿਬ ੧੦੦੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਮਨੁਖ ਦੀ ਤਰਸਜੋਗ ਹਾਲਤ ਪ੍ਰਭੂ ਅੱਗੇ ਇਸ ਤਰ੍ਹਾਂ ਬਿਆਨ ਕਰਦੇ ਹਨ, ਜਿਵੇਂ ਕੋਈ ਬੱਚਾ ਆਪਣੀ ਮਾਂ ਨੂੰ ਦੁਖ ਦੱਸ ਰਿਹਾ ਹੋਵੇ ਕਿ ਹੁਣ ਇਸ ਦੁਖ ਭਰੀ ਹਾਲਤ ਵਿਚ ਉਹ ਕੀ ਕਰੇ? ਸਾਰਾ ਜੀਵਨ ਵਿਸ਼ੇ-ਵਿਕਾਰਾਂ ਵਿਚ ਹੀ ਗੁਆਚ ਕੇ ਰਹਿ ਗਿਆ ਹੈ ਤੇ ਉਸ ਨੇ ਕਦੇ ਪ੍ਰਭੂ ਨੂੰ ਵੀ ਯਾਦ ਤਕ ਨਹੀਂ ਕੀਤਾ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਜਦ ਕਾਲ ਰੂਪ ਮੌਤ ਦਾ ਫੰਦਾ ਗਲ ਵਿਚ ਪਇਆ ਤਾਂ ਉਸ ਨੇ ਸਾਰੀ ਸੁਧ-ਬੁਧ ਹੀ ਭੁਲਾ ਦਿੱਤੀ, ਅਰਥਾਤ ਕੁਝ ਵੀ ਸੁਝ ਨਹੀਂ ਰਿਹਾ ਕਿ ਹੁਣ ਕੀਤਾ ਕੀ ਜਾਵੇ? ਪਾਤਸ਼ਾਹ ਬਚਨ ਕਰਦੇ ਹਨ ਕਿ ਅਜਿਹੇ ਘੋਰ ਸੰਕਟ ਵਿਚ ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ, ਜੋ ਸਹਾਇਤਾ ਕਰ ਸਕੇ।

ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਸਮਝਾਉਂਦੇ ਹਨ ਕਿ ਜਿਸ ਧਨ-ਦੌਲਤ ਜਾਂ ਸੰਪਤੀ ਨੂੰ ਮਨੁਖ ਨੇ ਆਪਣੀ ਸਮਝਿਆ ਹੋਇਆ ਸੀ, ਉਹ ਹੁਣ ਪਲ-ਛਿਣ ਵਿਚ ਹੀ ਓਪਰੀ ਹੋ ਗਈ ਹੈ, ਭਾਵ ਆਖਰੀ ਸਮੇਂ ਮਨੁਖ ਨੂੰ ਪਤਾ ਲੱਗਦਾ ਹੈ ਕਿ ਧਨ-ਦੌਲਤ ਉਸ ਨੂੰ ਮਰਨ ਤੋਂ ਨਹੀਂ ਬਚਾਅ ਸਕਦੀ। ਉਸ ਸਮੇਂ ਮਨੁਖ ਦੇ ਮਨ ਵਿਚ ਇਹੀ ਸੋਚ, ਭਾਵ ਪਛਤਾਵਾ ਰਹਿ ਜਾਂਦਾ ਹੈ ਕਿ ਉਹ ਸਮਾਂ ਰਹਿੰਦਿਆਂ ਹਰੀ-ਪ੍ਰਭੂ ਦੀ ਸਿਫਤਿ-ਸ਼ਲਾਘਾ ਜਾਂ ਨਾਮ ਸਿਮਰਨ ਨਾ ਕਰ ਸਕਿਆ।
Tags