Guru Granth Sahib Logo
  
ਇਸ ਸ਼ਬਦ ਵਿਚ ਸ਼ੇਖ ਫਰੀਦ ਜੀ ਇਸਲਾਮ ਧਰਮ ਨਾਲ ਸੰਬੰਧਤ ਸ਼ਬਦਾਵਲੀ ਅਤੇ ਸੰਕਲਪਾਂ ਦੀ ਵਰਤੋਂ ਕਰਦੇ ਹੋਏ ਜੀਵ ਨੂੰ ਪ੍ਰਭੂ ਨਾਲ ਜੁੜਨ ਦਾ ਉਪਦੇਸ਼ ਕਰਦੇ ਹਨ। ਸੰਸਾਰਕ ਨਾਸ਼ਵਾਨਤਾ ਨੂੰ ਕੇਂਦਰ ਵਿਚ ਰਖ ਕੇ ਉਹ ਉਪਦੇਸ਼ ਕਰਦੇ ਹਨ ਕਿ ਗੁਰੂ ਦਰਸਾਏ ਮਾਰਗ ’ਤੇ ਚੱਲ ਕੇ ਇਸ ਜਨਮ ਵਿਚ ਹੀ ਜੀਵ ਦਾ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ। ਉਸ ਨੂੰ ਕੇਵਲ ਮਨ ਨੂੰ ਅੰਦਰੋਂ ਉਕਸਾਉਣ ਤੇ ਭੜਕਾਉਣ ਵਾਲੀਆਂ ਇੰਦਰੀਆਂ ਨੂੰ ਵਸ ਵਿਚ ਕਰਨ ਦੀ ਲੋੜ ਹੈ।
ਆਸਾ

ਬੋਲੈ ਸੇਖ ਫਰੀਦੁ   ਪਿਆਰੇ ਅਲਹ ਲਗੇ ॥ 
ਇਹੁ ਤਨੁ ਹੋਸੀ ਖਾਕ   ਨਿਮਾਣੀ ਗੋਰ ਘਰੇ ॥੧॥ 
ਆਜੁ ਮਿਲਾਵਾ ਸੇਖ ਫਰੀਦ   ਟਾਕਿਮ ਕੂੰਜੜੀਆ  ਮਨਹੁ ਮਚਿੰਦੜੀਆ ॥੧॥ ਰਹਾਉ
ਜੇ ਜਾਣਾ ਮਰਿ ਜਾਈਐ   ਘੁਮਿ ਆਈਐ
ਝੂਠੀ ਦੁਨੀਆ ਲਗਿ   ਆਪੁ ਵਞਾਈਐ ॥੨॥
ਬੋਲੀਐ ਸਚੁ ਧਰਮੁ   ਝੂਠੁ ਬੋਲੀਐ
ਜੋ ਗੁਰੁ ਦਸੈ ਵਾਟ   ਮੁਰੀਦਾ ਜੋਲੀਐ ॥੩॥
ਛੈਲ ਲੰਘੰਦੇ ਪਾਰਿ   ਗੋਰੀ ਮਨੁ ਧੀਰਿਆ
ਕੰਚਨ ਵੰਨੇ ਪਾਸੇ   ਕਲਵਤਿ ਚੀਰਿਆ ॥੪॥ 
ਸੇਖ ਹੈਯਾਤੀ ਜਗਿ   ਕੋਈ ਥਿਰੁ ਰਹਿਆ
ਜਿਸੁ ਆਸਣਿ ਹਮ ਬੈਠੇ   ਕੇਤੇ ਬੈਸਿ ਗਇਆ ॥੫॥
ਕਤਿਕ ਕੂੰਜਾਂ  ਚੇਤਿ ਡਉ   ਸਾਵਣਿ ਬਿਜੁਲੀਆਂ ॥ 
ਸੀਆਲੇ ਸੋਹੰਦੀਆਂ   ਪਿਰ ਗਲਿ ਬਾਹੜੀਆਂ ॥੬॥
ਚਲੇ ਚਲਣਹਾਰ   ਵਿਚਾਰਾ ਲੇਇ ਮਨੋ
ਗੰਢੇਦਿਆਂ ਛਿਅ ਮਾਹ   ਤੁੜੰਦਿਆ ਹਿਕੁ ਖਿਨੋ ॥੭॥
ਜਿਮੀ ਪੁਛੈ ਅਸਮਾਨ   ਫਰੀਦਾ ਖੇਵਟ ਕਿੰਨਿ ਗਏ
ਜਾਲਣ ਗੋਰਾਂ ਨਾਲਿ   ਉਲਾਮੇ ਜੀਅ ਸਹੇ ॥੮॥੨॥
-ਗੁਰੂ ਗ੍ਰੰਥ ਸਾਹਿਬ ੪੮੮

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸ਼ੇਖ ਸ਼ਬਦ ਸਨਮਾਨ ਸੂਚਕ ਸੰਬੋਧਨ ਹੈ। ਇਸਲਾਮ ਵਿਚ ਪੜ੍ਹੇ-ਲਿਖੇ ਤੇ ਸਿਆਣੇ ਬਜ਼ੁਰਗ ਨੂੰ ਸਤਿਕਾਰ ਵਿਚ ਸ਼ੇਖ ਕਿਹਾ ਜਾਂਦਾ ਹੈ। ਦਰਵੇਸ਼, ਮੁਰਸ਼ਦ, ਪੀਰ ਨੂੰ ਵੀ ਸ਼ੇਖ ਕਹਿ ਲਿਆ ਜਾਂਦਾ ਹੈ। ਇਸ ਦੇ ਨਾਲ ਹੀ ਮਜ਼ਹਬੀ ਵਿੱਦਿਆ ਵਿਚ ਨਿਪੁੰਨ ਕਾਜ਼ੀ, ਮੁਸਲਮਾਨਾਂ ਦੀਆਂ ਚਾਰ ਜਾਤਾਂ ਵਿਚੋਂ ਪਹਿਲੀ ਜਾਤ, ਜਿਸ ਵਿਚੋਂ ਹਜ਼ਰਤ ਮੁਹੰਮਦ ਸਾਹਿਬ ਪੈਦਾ ਹੋਏ, ਨੂੰ ਵੀ ਸ਼ੇਖ ਕਿਹਾ ਜਾਂਦਾ ਹੈ। ਫਰੀਦ ਜੀ ਨੂੰ ਵੀ ਉਨ੍ਹਾਂ ਦੇ ਮੁਰੀਦਾਂ ਦੁਆਰਾ ਸ਼ੇਖ ਕਿਹਾ ਜਾਂਦਾ ਸੀ। ਇਸ ਸ਼ਬਦ ਵਿਚ ਫਰੀਦ ਜੀ ਆਪਣੇ-ਆਪ ਨੂੰ ਸ਼ੇਖ ਆਖ ਕੇ, ਸੇਖ ਫਰੀਦ ਦੀ ਮੁਹਰ ਛਾਪ ਦੁਆਰਾ ਕਿਸੇ ਜਗਿਆਸੂ ਨੂੰ ਸੰਬੋਧਨ ਹੋ ਕੇ ਲੁਪਤ ਰੂਪ ਵਿਚ ਆਪਣੀ ਹੀ ਗੱਲ ਕਰ ਰਹੇ ਪ੍ਰਤੀਤ ਹੋ ਰਹੇ ਹਨ।

ਫਰੀਦ ਜੀ ਆਖਦੇ ਹਨ ਕਿ ਪ੍ਰਭੂ-ਅੱਲਾ ਨਾਲ ਜੁੜਨਾ ਚਾਹੀਦਾ ਹੈ। ਨਹੀਂ ਤਾਂ ਡੂੰਘੀ ਕਬਰ ਵਿਚ ਇਹ ਸਰੀਰ ਮਿੱਟੀ ਹੋ ਜਾਵੇਗਾ। ਇਸ ਲਈ ਮਰਨ ਤੋਂ ਪਹਿਲਾਂ, ਜੀਉਂਦੇ-ਜੀਅ ਹੀ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰਨਾ ਚਾਹੀਦਾ ਹੈ। 

ਇਸ ਮਨੁਖਾ ਜੀਵਨ ਵਿਚ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ। ਪਰ ਸ਼ਰਤ ਇਹ ਹੈ ਕਿ ਜੇਕਰ ਉਹ ਕੂੰਜਾਂ ਵਾਂਗ ਦੂਰ-ਦੂਰ ਭਟਕ ਰਹੀਆਂ ਆਪਣੇ ਮਨ ਦੀਆਂ ਤ੍ਰਿਸ਼ਨਾਵਾਂ ਤੇ ਵਾਸ਼ਨਾਵਾਂ ਨੂੰ ਰੋਕ ਕੇ ਰੱਖੇ। ਭਾਵ, ਜੇ ਉਹ ਭਟਕਣਾ ਤਿਆਗ ਕੇ ਇਕਾਗਰ ਚਿੱਤ ਹੋ ਕੇ ਆਪਣੇ ਮੂਲ ਜਾਂ ਮੌਲਿਕਤਾ ਨਾਲ ਜੁੜਿਆ ਰਹਿ ਸਕੇ ਤਾਂ ਉਹ ਪ੍ਰਭੂ ਨਾਲ ਮਿਲ ਸਕਦਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਫਰੀਦ ਜੀ ਕਹਿੰਦੇ ਹਨ ਕਿ ਜੇ ਇਹ ਪਤਾ ਹੀ ਹੈ ਕਿ ਇਕ ਨਾ ਇਕ ਦਿਨ ਹਰ ਹਾਲਤ ਵਿਚ ਮਰ ਹੀ ਜਾਣਾ ਹੈ ਤੇ ਇਹ ਵੀ ਪਤਾ ਹੈ ਕਿ ਇਕ ਵਾਰੀ ਮਰਨ ਤੋਂ ਬਾਅਦ ਮੁੜ ਇਹ ਜੀਵਨ ਦੁਬਾਰਾ ਨਹੀਂ ਮਿਲਣਾ। ਪਰਤ ਕੇ ਇਸ ਜੀਵਨ ਵਿਚ ਨਹੀਂ ਆਉਣਾ। ਫਿਰ ਇਸ ਜੀਵਨ ਨੂੰ ਸੰਸਾਰੀ ਮੋਹ ਵਿਚ ਪੈ ਕੇ ਵਿਅਰਥ ਨਹੀਂ ਗਵਾਉਣਾ ਚਾਹੀਦਾ। ਭਾਵ, ਇਸ ਕੀਮਤੀ ਜੀਵਨ ਦੇ ਅਸਲ ਮਕਸਦ ਨੂੰ ਪ੍ਰਾਪਤ ਕੀਤਾ ਜਾਵੇ।

ਫਿਰ ਦੱਸਿਆ ਹੈ ਕਿ ਜੀਵਨ ਦੇ ਅਸਲ ਮਕਸਦ ਪ੍ਰਭੂ-ਮਿਲਾਪ ਲਈ ਜ਼ਰੂਰੀ ਹੈ ਕਿ ਹਮੇਸ਼ਾ ਸੱਚ ਦਾ ਧਰਮ ਨਿਭਾਇਆ ਜਾਵੇ ਤੇ ਝੂਠ ਨੂੰ ਕਦੇ ਜ਼ੁਬਾਨ ’ਤੇ ਵੀ ਨਾ ਲਿਆਂਦਾ ਜਾਵੇ। ਭਾਵ, ਹਮੇਸ਼ਾ ਬੁਲੰਦ ਅਵਾਜ਼ ਵਿਚ ਸੱਚ ਦਾ ਸਾਥ ਦਿੱਤਾ ਜਾਵੇ ਤੇ ਝੂਠ ਤੋਂ ਤੇ ਝੂਠ ਬੋਲਣ ਤੋਂ ਹਰ ਹਾਲਤ ਵਿਚ ਪ੍ਰਹੇਜ ਕੀਤਾ ਜਾਵੇ।

ਇਸ ਦੇ ਇਲਾਵਾ ਸੱਚ-ਸਰੂਪ ਗੁਰੂ, ਜਿਸ ਮਾਰਗ ਦੀ ਦੱਸ ਪਾਵੇ ਜਾਂ ਜਿਹੜੀ ਸਿੱਖਿਆ ਦੇਵੇ, ਉਸ ਉੱਤੇ ਆਗਿਆਕਾਰ ਵਿਦਿਆਰਥੀ ਦੀ ਤਰ੍ਹਾਂ ਚੱਲ ਪਵੇ ਜਾਂ ਆਪਣਾ ਜੀਵਨ ਬਸਰ ਕਰੇ। ਕਿਉਂਕਿ ਗੁਰੂ ਦੇ ਦੱਸੇ ਮਾਰਗ ’ਤੇ ਚੱਲ ਕੇ ਹੀ ਪ੍ਰਭੂ ਨਾਲ ਮਿਲਾਪ ਪ੍ਰਾਪਤ ਹੋ ਸਕਦਾ ਹੈ।

ਫਿਰ ਦੱਸਿਆ ਗਿਆ ਹੈ ਕਿ ਪ੍ਰਭੂ ਦੀ ਬੰਦਗੀ ਕਰਨ ਵਾਲੇ ਹੋਣਹਾਰ ਤੇ ਸੁਚੱਜੇ ਮਨੁਖ ਜੀਵਨ ਦੀ ਇਸ ਭਵਜਲ ਭਰੀ ਨਦੀ ਸੌਖਿਆਂ ਪਾਰ ਕਰ ਜਾਂਦੇ ਹਨ। ਅਰਥਾਤ, ਆਪਣਾ ਜੀਵਨ ਸਫਲ ਕਰ ਲੈਂਦੇ ਹਨ। ਉਹ ਆਪਣੇ ਧੁਰ-ਅੰਦਰੋਂ ਇਹ ਸਵੀਕਾਰ ਕਰ ਲੈਂਦੇ ਹਨ ਕਿ ਇਹ ਸੰਸਾਰ ਛਿਣ-ਭੰਗਰ ਹੈ, ਇਕ ਦਿਨ ਇਥੋਂ ਚਲੇ ਜਾਣੇ ਹੈ। ਦੂਜੇ ਪਾਸੇ ਜਿਹੜੇ ਮਨੁਖ ਹਮੇਸ਼ਾ ਕੇਵਲ ਇਸ ਛਿਣ-ਭੰਗਰ ਸੰਸਾਰ ਦੇ ਮਾਇਕੀ ਪਦਾਰਥ ਇਕੱਠੇ ਕਰਨ ਵੱਲ ਹੀ ਰੁਚਿਤ ਰਹਿੰਦੇ ਹਨ, ਉਹ ਅੰਤ ਵੇਲੇ ਇਹ ਏਨੇ ਦੁਖੀ ਹੁੰਦੇ ਹਨ, ਜਿਵੇਂ ਉਨ੍ਹਾਂ ਨੂੰ ਆਰਿਆ ਨਾਲ ਚੀਰਿਆ ਜਾ ਰਿਹਾ ਹੋਵੇ।

ਫਿਰ ਫਰੀਦ ਜੀ ਆਪਣੇ-ਆਪ ਨੂੰ ਮੁਖਾਤਬ ਹੋ ਕੇ ਆਖਦੇ ਹਨ ਕਿ ਸਾਰੇ ਸੰਸਾਰ ਵਿਚ ਕਦੇ ਕਿਸੇ ਦਾ ਵੀ ਜੀਵਨ ਇਕੋ ਜਿਹਾ ਨਹੀਂ ਰਿਹਾ। ਭਾਵ, ਹਰ ਕਿਸੇ ਦੇ ਜੀਵਨ ਵਿਚ ਹਮੇਸ਼ਾ ਹੀ ਉਤਰਾ-ਚੜ੍ਹਾਅ ਆਉਂਦੇ ਰਹਿੰਦੇ ਹਨ। ਕਦੇ ਦੁਖ ਕਦੇ ਸੁਖ, ਕਦੇ ਖੁਸ਼ੀ ਕਦੇ ਗਮੀ ਹੀ ਜੀਵਨ ਦਾ ਅਸੂਲ ਹੈ।

ਫਿਰ ਫਰੀਦ ਜੀ ਆਪਣੀ ਉਦਾਹਰਣ ਦੇ ਕੇ ਦੱਸਦੇ ਜਨ ਕਿ ਜੀਵਨ ਦੀ ਅਸਥਿਰਤਾ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਆਪਣੇ ਸਿਲਸਿਲੇ ਦੇ ਜਿਸ ਅਹੁਦੇ ’ਤੇ ਉਹ ਬਿਰਾਜਮਾਨ ਹਨ, ਉਨ੍ਹਾਂ ਤੋਂ ਪਹਿਲਾਂ ਵੀ ਕਿੰਨੇ ਲੋਕ ਉਸ ਅਹੁਦੇ ’ਤੇ ਬਿਰਾਜਮਾਨ ਹੋ ਕੇ ਚਲੇ ਗਏ ਹਨ। ਭਾਵ, ਅੱਗੇ ਤੋਂ ਵੀ ਲੋਕ ਇਸੇ ਤਰ੍ਹਾਂ ਆਉਂਦੇ-ਜਾਂਦੇ ਰਹਿਣੇ ਹਨ। ਅਰਥਾਤ, ਕਿਸੇ ਨੇ ਵੀ ਹਮੇਸ਼ਾ ਨਹੀਂ ਰਹਿਣਾ।

ਫਿਰ ਫਰੀਦ ਜੀ ਕੁਦਰਤੀ ਵਾਤਾਵਰਣ ਵਿਚ ਬਦਲਦੇ ਹੋਏ ਦ੍ਰਿਸ਼ਾਂ ਦਾ ਵਰਨਣ ਕਰਦੇ ਹਨ ਕਿ ਦੇਖੋ ਕੱਤਕ ਦੇ ਮਹੀਨੇ ਅਸਮਾਨ ਵਿਚ ਉੱਡਦੀਆਂ ਕੂੰਜਾਂ ਨਜ਼ਰ ਆਉਂਦੀਆਂ ਹਨ। ਚੇਤ ਮਹੀਨੇ ਵਿਚ ਗਰਮੀ ਕਾਰਣ ਜੰਗਲਾਂ ਵਿਚ ਅੱਗ ਲੱਗ ਜਾਂਦੀ ਹੈ ਤੇ ਸਾਉਣ ਮਹੀਨੇ ਵਿਚ ਅਕਾਸ਼ ਵਿਚ ਬਿਜਲੀਆਂ ਦੀ ਚਮਕ ਨਜ਼ਰ ਆਉਂਦੀ ਹੈ। ਅਰਥਾਤ ਇਥੇ ਕੁਝ ਵੀ ਸਦੀਵੀ ਨਹੀਂ ਹੈ। 

ਫਿਰ ਪਿਆਰ ਦਾ ਦ੍ਰਿਸ਼ ਪੇਸ਼ ਕਰਦੇ ਹਨ ਕਿ ਸਰਦੀ ਦੇ ਮੌਸਮ ਵਿਚ ਜਦ ਕੋਈ ਆਪਣੇ ਪਿਆਰੇ ਦੇ ਗਲ ਵਿਚ ਬਾਹਾਂ ਪਾਉਂਦਾ ਹੈ ਤਾਂ ਉਹ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ ਜਾਂ ਉਹ ਦ੍ਰਿਸ਼ ਕਿੰਨੇ ਮਨਮੋਹਣੇ ਹੁੰਦੇ ਹਨ। ਪਰ ਇਸ ਦੇ ਉਲਟ ਗਰਮੀ ਦੀ ਰੁੱਤ ਵਿਚ ਮੁੜ੍ਹਕੇ ਕਾਰਣ ਕੋਈ ਕਿਸੇ ਦੇ ਨਾਲ ਵੀ ਨਹੀਂ ਲੱਗਦਾ। ਇਸ ਤਰ੍ਹਾਂ ਮੌਸਮਾਂ ਦੀ ਤਬਦੀਲੀ ਹਰ ਸਮੇਂ ਵਾਪਰਦੀ ਰਹਿੰਦੀ ਹੈ ਤੇ ਕੁਝ ਵੀ ਹਮੇਸ਼ਾ ਨਹੀਂ ਰਹਿੰਦਾ।

ਫਿਰ ਆਪਣੇ-ਆਪ ਨੂੰ ਮੁਖਾਤਬ ਹੁੰਦੇ ਹਨ ਕਿ ਇਸ ਸੰਸਾਰ ਵਿਚ ਸਭ ਕੁਝ ਚਲੇ ਜਾਣ ਵਾਲਾ ਹੈ, ਜਿਸ ਕਰਕੇ ਸਾਰੇ ਹੀ ਚਲੇ ਜਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਵੀ ਆਪਣੇ ਮਨ ਵਿਚ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਵੀ ਇਥੇ ਹਮੇਸ਼ਾ ਨਹੀਂ ਰਹਿਣਾ ਤੇ ਚਲੇ ਹੀ ਜਾਣਾ ਹੈ। ਅਰਥਾਤ, ਉਨ੍ਹਾਂ ਨੂੰ ਇਸ ਜੀਵਨ ਦੌਰਾਨ ਹੀ ਜੀਵਨ ਦੇ ਅਸਲ ਮਕਸਦ ਦਾ ਪਤਾ ਕਰਨਾ ਚਾਹੀਦਾ ਹੈ ਤੇ ਉਸ ਅਮਲ ਵਿਚ ਲੱਗ ਜਾਣਾ ਚਾਹੀਦਾ ਹੈ।

ਫਿਰ ਦੱਸਦੇ ਹਨ ਕਿ ਇਸ ਦੇਹੀ ਦਾ ਕੋਈ ਭਰੋਸਾ ਨਹੀਂ ਹੈ ਕਿ ਇਸ ਨੇ ਕਦ ਸਾਥ ਛੱਡ ਜਾਣਾ ਹੈ ਤੇ ਜੀਵਨ ਦਾ ਅੰਤ ਹੋ ਜਾਣਾ ਹੈ। ਕਿਉਂਕਿ ਇਸ ਦੇਹੀ ਦੇ ਨਿਰਮਾਣ ਵਿਚ ਹੀ ਸਮਾਂ ਲੱਗਦਾ ਹੈ, ਪਰ ਇਸ ਦੇ ਖਤਮ ਹੋਣ ਲੱਗਿਆਂ ਪਲ ਵੀ ਨਹੀਂ ਲੱਗਦਾ। ਇਸ ਲਈ ਜੀਵਨ ਦੇ ਅਸਲ ਮਕਸਦ, ਅਰਥਾਤ ਪ੍ਰਭੂ-ਮਿਲਾਪ ਵੱਲ ਲੱਗ ਜਾਣਾ ਚਾਹੀਦਾ ਹੈ।

ਇਸ ਪਦੇ ਦੇ ਅਖੀਰ ਵਿਚ ਆਏ ਜਮੀਨ ਅਤੇ ਅਸਮਾਨ ਦੇ ਜਿਕਰ ਨੂੰ ਇਸ ਪ੍ਰਸੰਗ ਵਿਚ ਸਮਝਿਆ ਜਾ ਸਕਦਾ ਹੈ। ਇਸਲਾਮ ਅਨੁਸਾਰ ਮਨੁਖ ਦੀ ਦੇਹ ਮਿੱਟੀ ਦੀ ਬਣੀ ਹੋਈ ਹੈ, ਜਿਸ ਕਰਕੇ ਇਹ ਹਮੇਸ਼ਾ ਜਮੀਨ ਨਾਲ ਜੁੜੀ ਰਹਿੰਦੀ ਹੈ ਤੇ ਮਨੁਖ ਦੀ ਰੂਹ ਅਸਮਾਨੀ ਹੁੰਦੀ ਹੈ ਤੇ ਉਹ ਹਮੇਸ਼ਾ ਅਸਮਾਨੀ ਉਡਾਰੀ ਵਿਚ ਰਹਿੰਦੀ ਹੈ। ਮਨੁਖ ਦੇ ਮਰਨ ਉਪਰੰਤ ਦੇਹੀ ਜਮੀਨ ਵਿਚ ਦਫਨਾ ਦਿੱਤੀ ਜਾਂਦੀ ਹੈ ਤੇ ਰੂਹ ਅਸਮਾਨ ਵੱਲ ਉਡਾਰੀ ਮਾਰ ਜਾਂਦੀ ਹੈ। ਸ਼ਾਇਦ ਇਸ ਪ੍ਰਸੰਗ ਵਿਚ ਸ਼ੇਖ ਫਰੀਦ ਜੀ ਮਹਿਸੂਸ ਕਰਦੇ ਹਨ, ਜਿਵੇਂ ਜਮੀਨ ਅਸਮਾਨ ਨੂੰ ਪੁੱਛ ਰਹੀ ਹੋਵੇ ਕਿ ਮਨੁਖਤਾ ਦੀ ਅਗਵਾਈ ਕਰਨ ਵਾਲੇ ਵੱਡੇ-ਵੱਡੇ ਆਗੂ ਰਾਜੇ-ਮਹਾਰਾਜੇ ਕਿੱਧਰ ਚਲੇ ਗਏ? ਅਰਥਾਤ, ਧਰਤੀ ’ਤੇ ਕੋਈ ਵੀ ਨਜਰ ਨਹੀਂ ਆ ਰਿਹਾ, ਸਭ ਚਲੇ ਗਏ। ਫਿਰ ਆਪ ਹੀ ਇਸ ਪ੍ਰਸ਼ਨ ਦਾ ਜਵਾਬ ਦਿੰਦੇ ਹਨ ਕਿ ਅਸਲ ਵਿਚ ਉਹ ਸਾਰੇ ਮਰਨ ਉਪਰੰਤ ਕਬਰਾਂ ਵਿਚ ਦਫਨਾ ਦਿੱਤੇ ਗਏ ਹਨ। ਅਰਥਾਤ, ਉਨ੍ਹਾਂ ਦੀਆਂ ਰੂਹਾਂ ਪ੍ਰਭੂ ਅੱਲਾਹ ਦੇ ਦਰਬਾਰ ਵਿਚ ਧਰਤੀ ’ਤੇ ਕੀਤੇ ਕੁਕਰਮਾਂ ਦੇ ਦੋਸ਼ ਭੁਗਤ ਰਹੀਆਂ ਹਨ। ਇਥੇ ਇਹ ਸਿੱਖਿਆ ਦਿੱਤੀ ਗਈ ਹੈ ਕਿ ਇਥੇ ਕਿਸੇ ਨੇ ਵੀ ਹਮੇਸ਼ਾ ਨਹੀਂ ਰਹਿਣਾ। ਇਸ ਲਈ ਹਰ ਕਿਸੇ ਨੂੰ ਨਿਰਮਲ ਕਰਮ ਕਰਨੇ ਚਾਹੀਦੇ ਹਨ ਤੇ ਬੁਰਾਈ ਤੋਂ ਬਚ ਕੇ ਰਹਿਣਾ ਚਾਹੀਦਾ ਹੈ। 

Tags