ਇਸ
ਅਸਟਪਦੀ ਵਿਚ ਦੱਸਿਆ ਹੈ ਕਿ ਜੋਗ ਸਾਧਨਾ ਦੇ ਸਾਰੇ ਢੰਗ-ਤਰੀਕੇ ਪ੍ਰਭੂ-ਨਾਮ ਦੇ ਸਿਮਰਨ ਵਿਚ ਹੀ ਆ ਜਾਂਦੇ ਹਨ। ਪ੍ਰਭੂ-ਨਾਮ ਵਿਚ ਜੁੜੇ ਜਗਿਆਸੂ ਨੂੰ ਅਜਿਹੇ ਸਾਧਨਾਂ ਦੀ ਲੋੜ ਨਹੀਂ ਪੈਂਦੀ। ਨਾਮ-ਬਾਣੀ ਦੀ ਸਿੱਖਿਆ ਨਾਲ ਉਸ ਦੀ ਸੁਰਤ ਸੁਚੇਤ ਹੋ ਜਾਂਦੀ ਹੈ। ਉਸ ਦੇ ਅੰਦਰ ਪੂਰਨ ਅਨੰਦ ਤੇ ਖੇੜਾ ਪੈਦਾ ਹੋ ਜਾਂਦਾ ਹੈ। ਕੋਈ ਕੁਦਰਤੀ ਤੱਤ ਜਾਂ ਆਫਤ ਉਸ ਨੂੰ ਡੁਲਾਉਂਦੇ ਨਹੀਂ। ਉਸ ਦਾ ਮਨ ਸੰਸਾਰਕ ਖਾਹਿਸ਼ਾਂ ਤੋਂ ਹਟ ਕੇ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ।
ਨਾਮ ਦਾ ਗਿਆਨ-ਚਾਨਣ ਉਸ ਦੇ ਅੰਦਰ ਪੈਦਾ ਹੋਣ ਵਾਲੇ ਸਾਰੇ ਮਾੜੇ ਫੁਰਨਿਆਂ ਨੂੰ ਮੁਕਾ ਦਿੰਦਾ ਹੈ। ਇਸ ਲਈ ਭਗਤ ਬੇਣੀ ਜੀ
ਸ਼ਬਦ ਦੇ ਅੰਤ ਵਿਚ ਪ੍ਰਭੂ ਕੋਲੋਂ ਉਸ ਦੇ ਨਾਮ ਦੀ ਹੀ ਜਾਚਨਾ ਕਰਦੇ ਹਨ।
ਰਾਮਕਲੀ ਬਾਣੀ ਬੇਣੀ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥
ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥
ਸੰਤਹੁ ਤਹਾ ਨਿਰੰਜਨ ਰਾਮੁ ਹੈ ॥ ਗੁਰ ਗਮਿ ਚੀਨੈ ਬਿਰਲਾ ਕੋਇ ॥
ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥
ਦੇਵਸਥਾਨੈ ਕਿਆ ਨੀਸਾਣੀ ॥ ਤਹ ਬਾਜੇ ਸਬਦ ਅਨਾਹਦ ਬਾਣੀ ॥
ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥ ਸਾਖੀ ਜਾਗੀ ਗੁਰਮੁਖਿ ਜਾਣੀ ॥੨॥
ਉਪਜੈ ਗਿਆਨੁ ਦੁਰਮਤਿ ਛੀਜੈ ॥ ਅੰਮ੍ਰਿਤ ਰਸਿ ਗਗਨੰਤਰਿ ਭੀਜੈ ॥
ਏਸੁ ਕਲਾ ਜੋ ਜਾਣੈ ਭੇਉ ॥ ਭੇਟੈ ਤਾਸੁ ਪਰਮ ਗੁਰਦੇਉ ॥੩॥
ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥
ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥
ਜਾਗਤੁ ਰਹੈ ਸੁ ਕਬਹੁ ਨ ਸੋਵੈ ॥ ਤੀਨਿ ਤਿਲੋਕ ਸਮਾਧਿ ਪਲੋਵੈ ॥
ਬੀਜ ਮੰਤ੍ਰੁ ਲੈ ਹਿਰਦੈ ਰਹੈ ॥ ਮਨੂਆ ਉਲਟਿ ਸੁੰਨ ਮਹਿ ਗਹੈ ॥੫॥
ਜਾਗਤੁ ਰਹੈ ਨ ਅਲੀਆ ਭਾਖੈ ॥ ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥
ਗੁਰ ਕੀ ਸਾਖੀ ਰਾਖੈ ਚੀਤਿ ॥ ਮਨੁ ਤਨੁ ਅਰਪੈ ਕ੍ਰਿਸਨ ਪਰੀਤਿ ॥੬॥
ਕਰ ਪਲਵ ਸਾਖਾ ਬੀਚਾਰੇ ॥ ਅਪਨਾ ਜਨਮੁ ਨ ਜੂਐ ਹਾਰੇ ॥
ਅਸੁਰ ਨਦੀ ਕਾ ਬੰਧੈ ਮੂਲੁ ॥ ਪਛਿਮ ਫੇਰਿ ਚੜਾਵੈ ਸੂਰੁ ॥
ਅਜਰੁ ਜਰੈ ਸੁ ਨਿਝਰੁ ਝਰੈ ॥ ਜਗੰਨਾਥ ਸਿਉ ਗੋਸਟਿ ਕਰੈ ॥੭॥
ਚਉਮੁਖ ਦੀਵਾ ਜੋਤਿ ਦੁਆਰ ॥ ਪਲੂ ਅਨਤ ਮੂਲੁ ਬਿਚਕਾਰਿ ॥
ਸਰਬ ਕਲਾ ਲੇ ਆਪੇ ਰਹੈ ॥ ਮਨੁ ਮਾਣਕੁ ਰਤਨਾ ਮਹਿ ਗੁਹੈ ॥੮॥
ਮਸਤਕਿ ਪਦਮੁ ਦੁਆਲੈ ਮਣੀ ॥ ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥
ਪੰਚ ਸਬਦ ਨਿਰਮਾਇਲ ਬਾਜੇ ॥ ਢੁਲਕੇ ਚਵਰ ਸੰਖ ਘਨ ਗਾਜੇ ॥
ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ ॥ ਬੇਣੀ ਜਾਚੈ ਤੇਰਾ ਨਾਮੁ ॥੯॥੧॥
-ਗੁਰੂ ਗ੍ਰੰਥ ਸਾਹਿਬ ੯੭੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਭਗਤ ਬੇਣੀ ਜੀ ਦੱਸਦੇ ਹਨ ਕਿ ਜਿਸ ਵੀ ਮਨੁਖ ਨੂੰ ਪ੍ਰਭੂ ਦਾ ਅਨੁਭਵ ਹੋ ਜਾਂਦਾ ਹੈ, ਉਸ ਨੂੰ ਕੁੰਡਲਨੀ ਜੋਗ ਮਤ ਵਿਚ ਮੰਨੀਆਂ ਜਾਂਦੀਆ ਇੜਾ, ਪਿੰਗਲਾ ਅਤੇ ਸੁਖਮਨਾ ਨਾਮਕ ਨਾੜੀਆਂ ਬਾਰੇ ਸੋਝੀ ਹੋ ਜਾਂਦੀ ਹੈ ਕਿ ਇਹ ਤਿੰਨੇ ਨਾੜੀਆਂ ਦਸਮ-ਦੁਆਰ ਵਾਲੀ ਅਵਸਥਾ ਵਿਚ ਇਕ ਥਾਂ ਹੀ ਇਕੱਠੀਆਂ ਹਨ।
ਇਹ ਅਵਸਥਾ ਹੀ ਜਗਿਆਸੂ ਲਈ ਉਹ ਸੰਗਮ ਹੈ, ਜਿਸ ਵਿਚ ਉਸ ਦਾ ਮਨ ਆਤਮਕ-ਇਸ਼ਨਾਨ ਕਰਦਾ ਹੈ। ਉਸ ਨੂੰ ਹੋਰ ਕਿਸੇ ਸੰਗਮ ਦੇ ਇਸ਼ਨਾਨ ਦੀ ਝਾਕ ਨਹੀਂ ਰਹਿੰਦੀ।
ਫਿਰ ਸੰਤ ਜਨਾਂ ਨੂੰ ਮੁਖਾਤਬ ਹੋ ਕੇ ਦੱਸਿਆ ਹੈ ਕਿ ਤਿੰਨ ਨਾੜੀਆਂ ਦਾ ਸੁਮੇਲ, ਭਾਵ ਦਸਮ-ਦੁਆਰ ਹੀ ਉਹ ਅਸਥਾਨ ਹੈ, ਜਿਥੇ ਨਿਰੰਕਾਰ ਪ੍ਰਭੂ ਦਾ ਵਾਸਾ ਹੈ। ਪਰ ਇਸ ਅਸਥਾਨ ਦਾ ਪਤਾ ਗੁਰੂ ਦੀ ਸੰਗਤ ਵਿਚ ਆਤਮ ਚਿੰਤਨ ਕਰਨ ਵਾਲੇ ਕਿਸੇ ਵਿਰਲੇ ਨੂੰ ਹੀ ਲੱਗਦਾ ਹੈ। ਇਹ ਅਸਥਾਨ ਕੋਈ ਸਥੂਲ ਥਾਂ ਨਹੀਂ ਹੈ, ਇਹ ਇਕ ਅਵਸਥਾ ਹੈ।
ਅੱਗੇ ਦੱਸਿਆ ਗਿਆ ਹੈ ਕਿ ਇਸ ਅਵਸਥਾ ਤਕ ਜਦ ਜਗਿਆਸੂ ਪਹੁੰਚ ਜਾਂਦਾ ਹੈ ਤਾਂ ਉਹ ਨਿਰੰਜਨ ਪ੍ਰਭੂ ਦਾ ਹੀ ਸਰੂਪ ਹੋ ਜਾਂਦਾ ਹੈ, ਭਾਵ ਉਹ ਪ੍ਰਭੂ ਵਿਚ ਹੀ ਅਭੇਦ ਹੋ ਜਾਂਦਾ ਹੈ।
ਭਗਤ ਬੇਣੀ ਜੀ ਸਵਾਲ ਕਰਦੇ ਹਨ ਕਿ ਉਸ ਅਸਥਾਨ, ਭਾਵ ਉਸ ਅਵਸਥਾ ਦੀ ਨਿਸ਼ਾਨੀ ਕਿਹੜੀ ਹੈ ਕਿ ਜਿਥੇ ਉਸ ਪ੍ਰਭੂ ਦੇ ਅਨੁਭਵ ਨੂੰ ਪ੍ਰਾਪਤ ਕੀਤਾ ਜਾ ਸਕੇ? ਫਿਰ ਜਵਾਬ ਦਿੱਤਾ ਗਿਆ ਹੈ ਕਿ ਇਹ ਉਹੀ ਅਸਥਾਨ ਹੈ, ਜਿਥੇ ਬਾਣੀ ਦੀ ਬਰਕਤ ਨਾਲ ਅਨਹਦ ਨਾਦ ਸੁਣਾਈ ਦਿੰਦਾ ਹੈ ਤੇ ਮਨ ਅੰਦਰ ਇਕ ਸੰਗੀਤਮਈ ਖੇੜਾ ਪੈਦਾ ਹੋ ਜਾਂਦਾ ਹੈ।
ਇਹ ਉਹ ਅਸਥਾਨ ਅਥਵਾ ਅਵਸਥਾ ਹੈ, ਜਿਥੇ ਸੂਰਜ, ਚੰਦਰਮਾਂ, ਹਵਾ ਅਤੇ ਪਾਣੀ ਆਪਣਾ ਪ੍ਰਭਾਵ ਨਹੀਂ ਛੱਡਦੇ, ਭਾਵ ਜਗਿਆਸੂ ’ਤੇ ਪ੍ਰਾਕਿਰਤੀ ਦਾ ਕੋਈ ਵੀ ਤੱਤ ਪ੍ਰਭਾਵ ਨਹੀਂ ਪਾ ਸਕਦਾ। ਪਰ ਇਹ ਗਿਆਨ ਉਸ ਨੂੰ ਹੀ ਹੁੰਦਾ ਹੈ, ਜਿਹੜਾ ਗੁਰੂ ਕੋਲੋਂ ਉਸ ਦੀ ਸਿੱਖਿਆ ਦਾ ਗਿਆਨ ਪ੍ਰਾਪਤ ਕਰ ਲਵੇ। ਇਸੇ ਸਿੱਖਿਆ ਦੁਆਰਾ ਹੀ ਉਹ ਪੂਰਨ ਤੌਰ ’ਤੇ ਸੁਚੇਤ ਹੋ ਜਾਂਦਾ ਹੈ।
ਗੁਰੂ ਦੀ ਸਿੱਖਿਆ ਨਾਲ ਜਿਹੜਾ ਗਿਆਨ ਪ੍ਰਾਪਤ ਹੁੰਦਾ ਹੈ, ਉਸ ਦੇ ਨਾਲ ਅਗਿਆਨ ਖਤਮ ਹੋ ਜਾਂਦਾ ਹੈ ਅਤੇ ਮਨੁਖ ਦੇ ਮਸਤਕ ਵਿਚ ਨਾਮ-ਅੰਮ੍ਰਿਤ ਦੇ ਰਸ ਦੀ ਅਜਿਹੀ ਬਰਸਾਤ ਹੁੰਦੀ ਹੈ ਕਿ ਉਸ ਵਿਚ ਮਨ ਭਿਜ-ਭਿਜ ਜਾਂਦਾ ਹੈ।
ਜਿਹੜਾ ਵੀ ਇਸ ਕਲਾ ਦਾ ਭੇਤ ਜਾਂ ਕਹਿ ਲਓ ਇਸ ਅਵਸਥਾ ਵਿਚ ਪਹੁੰਚਣ ਦੀ ਜੁਗਤ ਜਾਣ ਲੈਂਦਾ ਹੈ, ਉਸ ਨੂੰ ਪ੍ਰਭੂ ਦਾ ਅਨੁਭਵ ਪ੍ਰਾਪਤ ਹੋ ਜਾਂਦਾ ਹੈ। ਇਹ ਅਵਸਥਾ ਮਨ-ਇੰਦਰੀਆਂ ਦੀ ਪਹੁੰਚ ਅਤੇ ਸੂਝ ਸਮਝ ਤੋਂ ਪਰੇ ਹੈ, ਇਥੇ ਹੀ ਪ੍ਰਭੂ ਦਾ ਟਿਕਾਣਾ ਹੈ।
ਮਨੁਖ ਦੀ ਦੇਹੀ ਦੇ ਸਿਖਰ, ਭਾਵ ਸਿਰ ਵਿਚ ਜਿਵੇਂ ਹੱਟ ਹੋਵੇ। ਇਸ ਹੱਟ ਅੰਦਰ ਇਕ ਆਲਾ ਹੈ, ਜਿਥੇ ਪ੍ਰਭੂ ਦੇ ਨਾਮ ਰੂਪੀ ਮਹਾਨ ਪੂੰਜੀ ਪਈ ਹੋਈ ਹੈ।
ਜਿਸ ਨੂੰ ਆਪਣੇ ਅੰਦਰ ਇਸ ਪੂੰਜੀ ਦਾ ਪਤਾ ਲੱਗ ਜਾਂਦਾ ਹੈ, ਉਹ ਕਦੇ ਵੀ ਸੌਂਦਾ ਨਹੀਂ ਤੇ ਹਮੇਸ਼ਾ ਜਾਗਦਾ ਰਹਿੰਦਾ ਹੈ, ਭਾਵ ਆਤਮਕ ਤੌਰ ’ਤੇ ਉਹ ਸਦਾ ਸੁਚੇਤ ਰਹਿੰਦਾ ਹੈ, ਅਗਿਆਨਤਾ ਦੀ ਨੀਂਦ ਨਹੀਂ ਸੌਂਦਾ। ਇਸ ਅਵਸਥਾ ਦੌਰਾਨ ਉਹ ਏਨਾ ਇਕਾਗਰ ਚਿੱਤ ਹੋ ਜਾਂਦਾ ਹੈ ਕਿ ਉਹ ਮਾਇਆ ਦੇ ਤਿੰਨ ਗੁਣਾਂ ਰਜੋ, ਤਮੋ ਤੇ ਸਤੋ ਅਤੇ ਤਿੰਨ ਭਵਨਾਂ ਤੋਂ ਮੁਕਤ ਹੋ ਕੇ ਇਸ ਅਵਸਥਾ ਵਿਚ ਹੀ ਲੀਨ ਰਹਿੰਦਾ ਹੈ।
ਪ੍ਰਭੂ ਦੇ ਨਾਮ ਰੂਪੀ ਬੀਜ ਮੰਤਰ ਨੂੰ ਇਹ ਹਮੇਸ਼ਾ ਆਪਣੇ ਹਿਰਦੇ ਅੰਦਰ ਧਾਰਨ ਕਰ ਕੇ ਰਖਦਾ ਹੈ। ਇਥੋਂ ਤਕ ਕਿ ਇਧਰ ਉਧਰ ਭਟਕਣ ਵਾਲਾ ਮਨ ਵੀ ਫਿਰ ਉਲਟ ਕੇ ਸੁੰਨ ਅਵਸਥਾ ਵਿਚ ਚਲਿਆ ਜਾਂਦਾ ਹੈ ਤੇ ਉਹ ਇਸੇ ਵਿਚ ਹੀ ਲੀਨ ਹੋ ਜਾਂਦਾ ਹੈ।
ਅਜਿਹਾ ਮਨੁਖ ਹਮੇਸ਼ਾ ਚੇਤੰਨ ਰਹਿੰਦਾ ਹੈ। ਵਿਕਾਰਾਂ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦਾ। ਕਦੇ ਝੂਠ ਨਹੀਂ ਬੋਲਦਾ। ਇਥੋਂ ਤਕ ਕਿ ਉਹ ਆਪਣੇ ਪੰਜੇ ਗਿਆਨ ਇੰਦਰੀਆਂ ਨੂੰ ਕਾਬੂ ਵਿਚ ਰਖਦਾ ਹੈ।
ਉਹ ਮਨੁਖ ਗੁਰੂ ਦੀ ਸਿੱਖਿਆ ਨੂੰ ਆਪਣੇ ਮਨ ਵਿਚ ਹਮੇਸ਼ਾ ਚੇਤੇ ਰਖਦਾ ਹੈ ਅਤੇ ਆਪਣੇ ਪਿਆਰੇ ਪ੍ਰਭੂ ਦੇ ਪ੍ਰੇਮ ਵਿਚ ਆਪਣਾ ਮਨ ਅਤੇ ਤਨ ਅਰਪਣ ਕਰ ਦਿੰਦਾ ਹੈ।
ਉਹ ਪੱਤਿਆਂ ਤੇ ਸ਼ਾਖਾਵਾਂ ਰੂਪ ਪ੍ਰਕਿਰਤੀ ਨੂੰ ਪੈਦਾ ਕਰਨ ਵਾਲੇ ਪ੍ਰਭੂ ਦੀ ਵਿਚਾਰ ਕਰਦਾ ਹੈ। ਪ੍ਰਭੂ ਦੀ ਵਿਚਾਰ ਸਕਦਾ ਉਹ ਮਾਇਕੀ ਰਸਾਂ ਵਿਚ ਖਚਿਤ ਨਹੀਂ ਹੁੰਦਾ ਤੇ ਉਸ ਦਾ ਜਨਮ ਜੂਏ ਦੀ ਤਰ੍ਹਾਂ ਵਿਅਰਥ ਨਹੀਂ ਜਾਂਦਾ।
ਉਹ ਆਪਣੇ ਅੰਦਰੋਂ ਬੁਰੇ ਵਿਚਾਰਾਂ ਦੀ ਧਾਰਾ ਦਾ ਮੂਲ ਸੋਮਾਂ ਹੀ ਬੰਦ ਕਰ ਦਿੰਦਾ ਹੈ। ਭਾਵ, ਉਹ ਅਗਿਆਨ ਨੂੰ ਗਿਆਨ ਵਿਚ ਪਲਟ ਦਿੰਦਾ ਹੈ ਜਾਂ ਗਿਆਨ ਨਾਲ ਅਗਿਆਨ ਨੂੰ ਦੂਰ ਕਰ ਦਿੰਦਾ ਹੈ।
ਅਜਿਹਾ ਸੂਰਬੀਰ ਮਨੁਖ ਜੋ ਜਰਿਆ ਨਹੀਂ ਜਾ ਸਕਦਾ, ਉਸ ਨੂੰ ਵੀ ਜਰ ਜਾਂਦਾ ਹੈ। ਕਿਉਂਕਿ ਉਸ ਦੇ ਅੰਦਰ ਨਾਮ-ਅੰਮ੍ਰਿਤ ਦਾ ਚਸ਼ਮਾਂ ਵਗ ਪੈਂਦਾ ਹੈ। ਉਹ ਜਗਤ ਦੇ ਮਾਲਕ ਪ੍ਰਭੂ ਦਾ ਏਨਾ ਖਾਸ ਹੋ ਜਾਂਦਾ ਹੈ ਕਿ ਉਸ ਦੇ ਨਾਲ ਬਚਨ-ਬਿਲਾਸ ਕਰਨ ਲਗ ਪੈਂਦਾ ਹੈ।
ਉਸ ਦੇ ਅੰਦਰ ਪ੍ਰਭੂ ਦੇ ਪ੍ਰਕਾਸ਼ ਦਾ ਅਜਿਹਾ ਦੀਪਕ ਬਲ ਪੈਂਦਾ ਹੈ, ਜਿਸ ਨਾਲ ਚਾਰੇ ਪਾਸੇ ਪ੍ਰਕਾਸ਼ ਫੈਲ ਜਾਂਦਾ ਹੈ ਤੇ ਕਿਸੇ ਪਾਸੇ ਵੀ ਹਨੇਰਾ ਨਹੀਂ ਰਹਿੰਦਾ। ਉਹ ਪ੍ਰਭੂ ਨੂੰ ਅਜਿਹੇ ਫੁੱਲ ਵਾਂਗ ਮਹਿਸੂਸ ਕਰਦਾ ਹੈ, ਜਿਸ ਦੇ ਵਿਚਕਾਰ ਪ੍ਰਭੂ ਆਪ ਬਿਰਾਜਮਾਨ ਹੋਵੇ ਤੇ ਸਾਰੇ ਪਾਸੇ ਅਨੰਤ ਪੱਤੀਆਂ ਫੈਲੀਆਂ ਹੋਈਆਂ ਹੋਣ। ਭਾਵ, ਹਰ ਦਿਸ਼ਾ ਵਿਚ ਪ੍ਰਭੂ ਦੇ ਪ੍ਰਕਾਸ਼ ਅਤੇ ਉਸ ਦੀ ਸੁੰਦਰਤਾ ਦਾ ਪ੍ਰਵਾਹ ਚੱਲ ਰਿਹਾ ਹੋਵੇ।
ਇਹ ਅਜਿਹਾ ਅਸਥਾਨ ਹੈ, ਜਿਥੇ ਸਰਬ ਕਲਾ ਭਰਪੂਰ ਪ੍ਰਭੂ ਸਿਰਫ ਆਪ ਹੀ ਨਿਵਾਸ ਰਖਦਾ ਹੈ। ਜਿਥੇ ਉਸ ਦੇ ਬਗੈਰ ਹੋਰ ਕੋਈ ਨਹੀਂ ਰਹਿੰਦਾ। ਉਹ ਏਨਾ ਕਲਾਕਾਰ ਹੈ ਕਿ ਮਨੁਖ ਦੇ ਮੋਤੀ ਜਿਹੇ ਮਨ ਨੂੰ ਰਤਨਾ ਦੀ ਮਾਲਾ ਵਿਚ ਪਰੋ ਦਿੰਦਾ ਹੈ। ਭਾਵ, ਤੁੱਛ ਹਸਤੀ ਨੂੰ ਮਹਾਨ ਬਣਾ ਦਿੰਦਾ ਹੈ।
ਉਸ ਹਸਤੀ ਦੇ ਮੱਥੇ ਉੱਤੇ ਪਦਮ ਸੁਸ਼ੋਭਿਤ ਹੋ ਜਾਂਦਾ ਤੇ ਉਸ ਦੇ ਚਾਰੇ ਪਾਸੇ ਹੀਰੇ ਸਜ ਜਾਂਦੇ ਹਨ, ਭਾਵ ਉਸ ਦੇ ਆਭਾ ਮੰਡਲ ਵਿਚ ਇਕ ਅਲੌਕਿਕ ਨੂਰ ਝਲਕਦਾ ਹੈ ਤੇ ਉਹ ਬੜਾ ਹੀ ਮਨਮੋਹਕ ਹੋ ਜਾਂਦਾ। ਕਿਉਂਕਿ ਉਸ ਦੇ ਅੰਦਰ ਤਿੰਨਾਂ ਲੋਕਾਂ ਦਾ ਮਾਲਕ ਨਿਰੰਕਾਰ ਪ੍ਰਭੂ ਆ ਵਸਦਾ ਹੈ।
ਉਸ ਦਾ ਹਿਰਦਾ ਏਨਾ ਵਿਸਮਾਦਜਨਕ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਸਰਬ ਸ੍ਰੇਸ਼ਟ ਅਤੇ ਪਵਿੱਤਰ ਸ਼ਬਦ ਦਾ ਕੀਰਤਨ ਹੋਣ ਲੱਗਦਾ ਹੈ, ਭਾਵ ਅਨਹਦ-ਨਾਦ ਸੁਣਾਈ ਦੇਣ ਲੱਗਦਾ ਹੈ। ਹੁਣ ਉਸ ਦੇ ਉੱਤੇ ਮਾਨੋ ਚੌਰ ਝੁੱਲ ਪੈਂਦੇ ਹਨ ਤੇ ਸੰਖਾਂ ਦੀ ਘਣੀ ਗੂੰਜ ਸੁਣਾਈ ਦਿੰਦੀ ਹੈ।
ਗੁਰੂ ਵੱਲ ਮੁਖ ਕੀਤਿਆਂ ਅਜਿਹਾ ਗਿਆਨ ਪ੍ਰਾਪਤ ਹੁੰਦਾ ਹੈ, ਜਿਸ ਨਾਲ ਹਰ ਤਰ੍ਹਾਂ ਦੀ ਬੁਰਾਈ ਤਹਿਸ-ਨਹਿਸ ਹੋ ਜਾਂਦੀ ਜਾਂਦੀ ਹੈ। ਭਾਵ, ਬੁਰਾਈ ਦਾ ਨਾਮੋ- ਨਿਸ਼ਾਨ ਮਿਟ ਜਾਂਦਾ ਹੈ। ਅਖੀਰ ਵਿਚ ਭਗਤ ਬੇਣੀ ਜੀ ਪ੍ਰਭੂ ਨੂੰ ਮੁਖਾਤਬ ਹੋ ਕੇ ਉਸ ਦੇ ਨਾਮ ਦੀ ਜਾਚਨਾ ਕਰਦੇ ਹਨ। ਜਿਸ ਨਾਲ ਉਕਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਉਪਰੋਕਤ ਕਰਾਮਾਤ ਵਾਪਰਦੀ ਹੈ।