Guru Granth Sahib Logo
  
ਇਸ ਸ਼ਬਦ ਵਿਚ ਪ੍ਰਭੂ-ਮਿਲਾਪ ਤੋਂ ਪ੍ਰਾਪਤ ਹੋਣ ਵਾਲੀ ਖੁਸ਼ੀ ਤੇ ਅਨੰਦ ਦਾ ਭਾਵਪੂਰਤ ਵਰਣਨ ਹੈ। ਸ਼ਬਦ ਦੇ ਪਹਿਲੇ ਪਦੇ ਵਿਚ ਦੱਸਿਆ ਹੈ ਕਿ ਗੁਰ-ਸ਼ਬਦ ਦੀ ਬਰਕਤ ਨਾਲ ਪਿਆਰੇ ਪ੍ਰਭੂ ਦੀ ਸੋਝੀ ਪ੍ਰਾਪਤ ਹੋ ਗਈ ਹੈ, ਜਿਸ ਸਦਕਾ ਮਨ ਆਤਮਕ ਅਨੰਦ ਮਾਣ ਰਿਹਾ ਹੈ। ਦੂਜੇ ਪਦੇ ਵਿਚ ਗੁਰ-ਸ਼ਬਦ ਦੀ ਮਹਿਮਾ ਨੂੰ ਬਿਆਨ ਕੀਤਾ ਗਿਆ ਹੈ। ਤੀਜੇ ਪਦੇ ਵਿਚ ਗੁਰ-ਸ਼ਬਦ ਰਾਹੀਂ ਪ੍ਰਾਪਤ ਹੋਏ ਪ੍ਰਭੂ ਦੇ ਨਾਮ ਰੂਪੀ ਖਜਾਨੇ ਦੀਆਂ ਬਰਕਤਾਂ ਦਾ ਜਿਕਰ ਹੈ। ਅਖੀਰਲੇ ਪਦੇ ਵਿਚ ਪ੍ਰਭੂ ਦੇ ਗੁਣਾਂ ਦਾ ਵਰਣਨ ਕਰਦਿਆਂ ਉਸ ਦੇ ਨਾਮ ਦੀ ਮਹਿਮਾ ਨੂੰ ਰੂਪਮਾਨ ਕੀਤਾ ਗਿਆ ਹੈ।
ਤਉ ਭਾਣਾ ਤਾਂ ਤ੍ਰਿਪਤਿ ਅਘਾਏ  ਰਾਮ
ਮਨੁ ਥੀਆ ਠੰਢਾ  ਸਭ ਤ੍ਰਿਸਨ ਬੁਝਾਏ  ਰਾਮ
ਮਨੁ ਥੀਆ ਠੰਢਾ  ਚੂਕੀ ਡੰਝਾ   ਪਾਇਆ ਬਹੁਤੁ ਖਜਾਨਾ
ਸਿਖ ਸੇਵਕ ਸਭਿ ਭੁੰਚਣ ਲਗੇ   ਹੰਉ ਸਤਗੁਰ ਕੈ ਕੁਰਬਾਨਾ
ਨਿਰਭਉ ਭਏ  ਖਸਮ ਰੰਗਿ ਰਾਤੇ   ਜਮ ਕੀ ਤ੍ਰਾਸ ਬੁਝਾਏ
ਨਾਨਕ ਦਾਸੁ  ਸਦਾ ਸੰਗਿ ਸੇਵਕੁ   ਤੇਰੀ ਭਗਤਿ ਕਰੰਉ ਲਿਵ ਲਾਏ ॥੩॥
-ਗੁਰੂ ਗ੍ਰੰਥ ਸਾਹਿਬ ੫੭੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਪਾਤਸ਼ਾਹ ਜਗਿਆਸੂ ਦੇ ਮਨ ਦੀ ਅਵਸਥਾ ਬਿਆਨ ਕਰਦੇ ਹਨ, ਜਿਹੜੀ ਪ੍ਰਭੂ ਨੂੰ ਪਿਆਰੀ ਲੱਗਣ ਕਾਰਣ ਪ੍ਰਭੂ ਤੋਂ ਪੂਰਨ ਰੂਪ ਵਿਚ ਤ੍ਰਿਪਤ ਹੋ ਗਈ ਹੈ। ਹੁਣ ਉਸ ਦੇ ਅੰਦਰ ਠੰਢ ਵਰਤ ਗਈ ਹੈ ਤੇ ਪ੍ਰਭੂ ਨੇ ਹਰ ਤਰ੍ਹਾਂ ਦੀ ਲਾਲਸਾ ਮੇਟ ਦਿੱਤੀ ਹੈ।

ਪ੍ਰਭੂ ਦੇ ਨਾਮ ਵਿਚ ਅਜਿਹੀ ਅਨੰਤ ਦੌਲਤ ਹਾਸਲ ਹੋਈ ਹੈ, ਜਿਸ ਨਾਲ ਮਨ ਤਾਂ ਠੰਢਾ ਹੋਇਆ ਹੀ ਹੈ, ਨਾਲ ਹਰ ਤਰ੍ਹਾਂ ਦੀ ਚਾਹਤ ਰੂਪ ਪਿਆਸ ਵੀ ਮਿਟ ਗਈ ਹੈ।

ਜ਼ਿਕਰ ਅਧੀਨ ਇਸ ਨਾਮ-ਦਾਨ ਦੀ ਦੌਲਤ ਏਨੀ ਅਥਾਹ ਹੈ ਕਿ ਗੁਰੂ ਦੇ ਸਾਰੇ ਸਿਖ-ਸੇਵਕ ਇਸ ਦਾ ਲਾਭ ਲੈ ਰਹੇ ਹਨ। ਇਸ ਕਰਕੇ ਪਾਤਸ਼ਾਹ ਸੱਚ-ਸਰੂਪ ਗੁਰੂ ਦੇ ਕੁਰਬਾਨ ਜਾਂਦੇ ਹਨ, ਜਿਸ ਨੇ ਸਾਰੀ ਲੋਕਾਈ ਲਈ ਏਨੀ ਮਹਾਨ ਦੌਲਤ ਦੀ ਬਖਸ਼ਿਸ਼ ਕੀਤੀ ਹੈ।

ਪਾਤਸ਼ਾਹ ਦੱਸਦੇ ਹਨ ਕਿ ਸਾਰੇ ਆਪਣੇ ਮਾਲਕ ਪ੍ਰਭੂ ਦੇ ਰੰਗ ਵਿਚ ਰੰਗੇ ਗਏ ਹਨ, ਅਰਥਾਤ ਉਸ ਨਾਲ ਮਿਲ ਕੇ ਉਸ ਵਰਗੇ ਹੀ ਹੋ ਗਏ ਹਨ। ਇਸ ਕਾਰਣ ਉਨ੍ਹਾਂ ਦੇ ਮਨ ਵਿਚੋਂ ਮਰਨ ਦਾ ਡਰ ਦੂਰ ਹੋ ਗਿਆ ਹੈ ਤੇ ਉਹ ਪੂਰਨ ਰੂਪ ਵਿਚ ਨਿਡਰ ਹੋ ਗਏ ਹਨ।

ਅਖੀਰ ਵਿਚ ਪਾਤਸ਼ਾਹ ਅਜਿਹੇ ਮਾਲਕ ਪ੍ਰਭੂ ਦੇ ਸੇਵਕਾਂ ਨਾਲ ਮਿਲ ਕੇ ਦਾਸ ਭਾਵ ਵਿਚ ਇਕ ਰਸ ਲਿਵ ਲਾ ਕੇ ਭਗਤੀ ਕਰਦੇ ਰਹਿਣ ਦੀ ਕਾਮਨਾ ਕਰਦੇ ਹਨ। 
Tags