Guru Granth Sahib Logo
  
ਇਸ ਸ਼ਬਦ ਵਿਚ ਜੀਵ ਨੂੰ ਸਮਝਾਇਆ ਗਿਆ ਹੈ ਕਿ ਉਸ ਦੀ ਰਖਿਆ ਕੋਈ ਵੈਦ-ਹਕੀਮ ਜਾਂ ਭੈਣ-ਭਾਈ ਆਦਿ ਨਹੀਂ ਕਰਦੇ। ਉਸ ਦੀ ਰਖਿਆ ਕੇਵਲ ਇਕ ਸਰਬ-ਵਿਆਪਕ ਪ੍ਰਭੂ ਹੀ ਕਰਦਾ ਹੈ। ਸਾਰਾ ਕੁਝ ਉਸ ਪ੍ਰਭੂ ਦਾ ਕੀਤਾ ਹੀ ਹੁੰਦਾ ਹੈ। ਉਹੀ ਜੀਵ ਦੇ ਪਾਪਾਂ ਦੀ ਮੈਲ ਨੂੰ ਧੋਣ ਦੇ ਸਮਰੱਥ ਹੈ। ਇਸ ਲਈ ਉਸ ਦੇ ਸੰਤ-ਭਗਤ ਸਦਾ ਉਸ ਨੂੰ ਸਿਮਰਦੇ ਰਹਿੰਦੇ ਹਨ।
ਮਾਰੂ ਮਹਲਾ

ਵੈਦੋ ਵਾਈ  ਭੈਣੋ ਭਾਈ   ਏਕੋ ਸਹਾਈ ਰਾਮੁ ਹੇ ॥੧॥
ਕੀਤਾ ਜਿਸੋ ਹੋਵੈ  ਪਾਪਾਂ ਮਲੋ ਧੋਵੈ   ਸੋ ਸਿਮਰਹੁ ਪਰਧਾਨੁ ਹੇ ॥੨॥
ਘਟਿ ਘਟੇ ਵਾਸੀ  ਸਰਬ ਨਿਵਾਸੀ   ਅਸਥਿਰੁ ਜਾ ਕਾ ਥਾਨੁ ਹੇ ॥੩॥
ਆਵੈ ਜਾਵੈ  ਸੰਗੇ ਸਮਾਵੈ   ਪੂਰਨ ਜਾ ਕਾ ਕਾਮੁ ਹੇ ॥੪॥
ਭਗਤ ਜਨਾ ਕਾ ਰਾਖਣਹਾਰਾ ਸੰਤ ਜੀਵਹਿ ਜਪਿ ਪ੍ਰਾਨ ਅਧਾਰਾ
ਕਰਨ ਕਾਰਨ ਸਮਰਥੁ ਸੁਆਮੀ   ਨਾਨਕੁ ਤਿਸੁ ਕੁਰਬਾਨੁ ਹੇ ॥੫॥੨॥੩੨॥
-ਗੁਰੂ ਗ੍ਰੰਥ ਸਾਹਿਬ ੧੦੦੮

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮਨੁਖ ਅਕਸਰ ਆਪਣੀ ਰਖਿਆ ਤੇ ਸੁਰਖਿਆ ਲਈ ਕਈ ਤਰ੍ਹਾਂ ਦੇ ਜਤਨ ਕਰਦਾ ਹੈ। ਉਸ ਨੂੰ ਆਸ ਹੁੰਦੀ ਹੈ ਕਿ ਕਿਸੇ ਅਣਸੁਖਾਵੀ ਜਾਂ ਖਤਰੇ ਦੀ ਹਾਲਤ ਵਿਚ ਸਕੇ-ਸੰਬੰਧੀ ਉਸ ਦੀ ਸਹਾਇਤਾ ਕਰਨਗੇ, ਉਸ ਨਾਲ ਖੜ੍ਹਨਗੇ। ਕੋਈ ਬਿਮਾਰੀ ਘੇਰ ਲਵੇ ਤਾਂ ਉਮੀਦ ਹੁੰਦੀ ਹੈ ਕਿ ਡਾਕਟਰ ਆਦਿ ਉਸ ਨੂੰ ਬਚਾ ਲੈਣਗੇ। ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਪੂਰਨ ਤੌਰ ’ਤੇ ਉਸ ਦਾ ਸਮਰੱਥ ਮਦਦਗਾਰ ਨਹੀ ਹੁੰਦਾ। ਨਾ ਹੀ ਕੋਈ ਵੈਦ, ਹਕੀਮ, ਡਾਕਟਰ ਆਦਿ ਤੇ ਨਾ ਹੀ ਉਸ ਦੇ ਸਕੇ-ਸੰਬੰਧੀ ਉਸ ਨੂੰ ਬਚਾ ਸਕਦੇ ਹਨ। ਹਾਂ ਸਿਰਫ ਉਸ ਨੂੰ ਪੈਦਾ ਕਰਨ ਵਾਲਾ, ਸਭ ਵਿਚ ਰਮਿਆ ਹੋਇਆ ਪ੍ਰਭੂ ਹੀ ਪੂਰਨ ਤੌਰ ਉੱਤੇ ਉਸ ਦਾ ਹਰ ਦੁਖ-ਦਰਦ ਦੂਰ ਕਰਨ ਦੇ ਸਮਰੱਥ ਹੈ।

ਗੁਰੂ ਸਾਹਿਬ ਮਨੁਖ ਨੂੰ ਸਮਝਾ ਰਹੇ ਹਨ ਕਿ ਜਦ ਵੈਦ, ਹਕੀਮ ਤੇ ਸਕੇ-ਸੰਬੰਧੀ ਮਨੁਖ ਨੂੰ ਬਚਾ ਹੀ ਨਹੀਂ ਸਕਦੇ ਤੇ ਇਨ੍ਹਾਂ ਦੇ ਕੀਤਿਆਂ ਕੁਝ ਨਹੀਂ ਹੋ ਸਕਦਾ, ਫਿਰ ਕਿਉਂ ਨਾ ਆਪਣੀ ਰਖਿਆ ਲਈ ਉਸ ਨੂੰ ਯਾਦ ਕੀਤਾ ਜਾਵੇ, ਜਿਹੜਾ ਸਭ ਤੋਂ ਵਡਾ ਹੈ, ਜਿਹੜਾ ਸਭ ਦੇ ਉੱਪਰ ਹੈ। ਜਿਸ ਦੇ ਕੀਤਿਆਂ ਹੀ ਸਭ ਕੁਝ ਹੁੰਦਾ ਹੈ, ਜਿਹੜਾ ਮਨੁਖ ਦੇ ਮਨ ਵਿਚੋਂ ਬੁਰਾਈ ਦੀ ਮੈਲ ਤਕ ਧੋ ਸੁੱਟਦਾ ਹੈ। ਫਿਰ ਕਿਉਂ ਨਾ ਸ੍ਰਿਸ਼ਟੀ ਦੇ ਉਸ ਮਾਲਕ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਜਾਵੇ।

ਗੁਰੂ ਸਾਹਿਬ ਦੱਸਦੇ ਹਨ ਕਿ ਪ੍ਰਭੂ ਸਭ ਤੋਂ ਸ੍ਰੇਸ਼ਟ ਹੈ, ਜੋ ਜੀਵ ਨੂੰ ਹਰ ਔਖੇ ਸਮੇਂ ਵਿਚ ਅੰਗ-ਸੰਗ ਵਰਤ ਕੇ ਸੰਭਾਲਦਾ ਹੈ। ਇਸ ਲਈ ਜੀਵ ਦਾ ਫਰਜ਼ ਬਣਦਾ ਹੈ ਕਿ ਉਹ ਹਰ ਸਮੇਂ ਉਸ ਵਿਆਪਕ ਰਖਿਆ ਕਰਨ ਵਾਲੇ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾ ਕੇ ਰਖੇ। ਪ੍ਰਭੂ ਦੀ ਬੇਅੰਤਤਾਈ ਦੀ ਗੱਲ ਕਰਦਿਆਂ ਗੁਰੂ ਸਾਹਿਬ ਆਖਦੇ ਹਨ ਕਿ ਸਾਰੀ ਕਾਇਨਾਤ ਉਸ ਦੇ ਹੁਕਮ ਵਿਚ ਹੈ, ਜੋ ਉਹ ਚਾਹੁੰਦਾ ਹੈ, ਉਹੀ ਸੰਸਾਰ ਵਿਚ ਹੁੰਦਾ ਹੈ। ਕੇਵਲ ਪ੍ਰਭੂ ਹੀ ਹੈ, ਜੋ ਜੀਵ ਦੇ ਮਾੜੇ ਕਰਮਾਂ ਦੀ ਮੈਲ ਧੋਣ ਦੀ ਸਮਰੱਥਾ ਰਖਦਾ ਹੈ, ਇਸ ਲਈ ਜੀਵ ਨੂੰ ਉਸ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਕੇ ਰਖਣਾ ਚਾਹੀਦਾ ਹੈ।

ਪ੍ਰਭੂ ਦੀ ਸਿਫਤ ਦੱਸਦਿਆਂ ਕਿਹਾ ਗਿਆ ਹੈ ਕਿ ਅਸਲ ਵਿਚ ਪ੍ਰਭੂ ਹਰ ਦਿਲ ਦੇ ਅੰਦਰ ਹੀ ਵਸਦਾ ਹੈ। ਕੋਈ ਵੀ ਥਾਂ ਅਜਿਹੀ ਨਹੀਂ ਜਿਥੇ ਉਸ ਦਾ ਨਿਵਾਸ ਨਹੀਂ ਹੈ। ਇਸ ਸੰਸਾਰ ਵਿਚ ਸਭ ਕੁਝ ਚਲਾਇਮਾਨ ਹੈ, ਸਿਰਫ ਸਰਬ-ਵਿਆਪਕ ਪ੍ਰਭੂ ਹੀ ਹੈ ਜੋ ਸਦੀਵੀ ਹੋਂਦ-ਹਸਤੀ ਦਾ ਮਾਲਕ ਹੈ। ਉਸ ਦੀ ਹੋਰ ਸਿਫਤ ਇਹ ਹੈ ਕਿ ਉਹ ਨਾ ਹੀ ਕਦੇ ਮਨੁਖ ਵਾਂਗ ਜੰਮਦਾ ਹੈ ਅਤੇ ਨਾ ਹੀ ਮਰਦਾ ਹੈ, ਭਾਵ ਪ੍ਰਭੂ ਜਨਮ-ਮਰਨ ਦੇ ਚੱਕਰ ਤੋਂ ਮੁਕਤ ਹੈ। ਪਰ ਉਹ ਹਰ ਮਨੁਖ ਦੇ ਨਾਲ ਉਸ ਦੇ ਅੰਦਰ ਸਮਾਇਆ ਹੋਇਆ ਹੈ। ਉਹ ਆਪਣੀ ਇਸ ਸ੍ਰਿਸ਼ਟੀ ਦੇ ਅੰਦਰ ਹੀ ਵਸਿਆ ਹੋਇਆ ਹੈ। ਉਸ ਦਾ ਕੋਈ ਵੀ ਕਾਰਜ ਅਧੂਰਾ ਨਹੀਂ ਹੈ। ਉਸ ਨੇ ਜੋ ਕੁਝ ਵੀ ਕੀਤਾ ਹੈ, ਉਹ ਪੂਰਨ ਤੌਰ ’ਤੇ ਦਰੁਸਤ ਅਤੇ ਮੁਕੰਮਲ ਹੈ। 

ਉਸ ਦੀ ਸਿਫਤ ਇਹ ਵੀ ਹੈ ਕਿ ਜਿਹੜੇ ਲੋਕ ਉਸ ਪ੍ਰਭੂ ਨੂੰ ਹਮੇਸ਼ਾ ਚੇਤੇ ਰਖਦੇ ਤੇ ਹਰ ਸਮੇਂ ਉਸ ਨੂੰ ਆਪਣੇ ਦਿਲ ਵਿਚ ਵਸਦਾ ਮਹਿਸੂਸ ਕਰਦੇ ਹਨ, ਉਹ ਆਪਣੇ ਅਜਿਹੇ ਪਿਆਰਿਆਂ ਦੀ ਰਖਿਆ ਕਰਦਾ ਹੈ। ਉਨ੍ਹਾਂ ਨੂੰ ਹਰ ਮੁਸ਼ਕਲ ਤੋਂ ਬਚਾਉਂਦਾ ਹੈ। ਫਿਰ ਜਿਨ੍ਹਾਂ ਦੀ ਪ੍ਰਭੂ ਰਖਿਆ ਕਰਦਾ ਹੈ, ਉਹ ਸੱਚ-ਸਰੂਪ ਪਿਆਰਿਆਂ ਦੇ ਜੀਵਨ ਦਾ ਅਧਾਰ ਵੀ ਪ੍ਰਭੂ ਦਾ ਸਿਮਰਨ ਹੀ ਹੈ। ਉਨ੍ਹਾਂ ਦੇ ਜੀਵਨ ਦਾ ਅਧਾਰ ਜਾਂ ਓਟ ਆਸਰਾ ਵੀ ਪ੍ਰਭੂ ਆਪ ਹੀ ਹੈ।

ਇਸ ਲਈ ਸ਼ਬਦ ਦੇ ਅਖੀਰ ਵਿਚ ਦੱਸਿਆ ਹੈ ਕਿ ਕਰਨ ਕਾਰਨ ਦੀ ਸਾਰੀ ਸਮਰੱਥਾ ਸਿਰਫ ਪ੍ਰਭੂ ਦੇ ਹੱਥ-ਵਸ ਹੈ। ਇਸ ਲਈ ਸਮਰੱਥ ਪ੍ਰਭੂ ਅੱਗੇ ਸਭ ਕੁਝ ਕੁਰਬਾਨ ਹੈ ਕਿਉਂਕਿ ਉਸ ਤੋਂ ਉਪਰ ਹੋਰ ਕੁਝ ਵੀ ਨਹੀਂ ਹੈ।

Tags